ਬਹੁਤ ਦਿਨਾਂ ਤੋਂ ਪਹਿਲੇ ਜਿਹਾ ਕੁਝ ਵੀ ਨਹੀਂ ਹੈ
ਬਹੁਤ ਦਿਨਾਂ ਤੋਂ ਮੈਂ ਘਰੋਂ ਲੜ ਕੇ ਭੱਜ ਕੇ ਸ਼ਹਿਰ ਤੋਂ ਬਾਹਰ ਵੱਲ ਨੂੰ ਜਾਂਦੀ ਸੜਕ ਨੂੰ ਨਹੀਂ ਫੜਿਆ
ਜਿੱਥੇ ਸ਼ਹਿਰ ਤੋਂ ਪਿੰਡਾਂ ਵੱਲ ਨੂੰ ਜਾਂਦੇ ਜ਼ਮੀਂਦਾਰ ਮੈਨੂੰ ਇੰਝ ਤਕਦੇ ਸਨ ਜਿਵੇਂ ਕੋਈ ਪਾਗਲ ਹਸਪਤਾਲੋਂ ਭੱਜ ਵੱਗਿਆ ਹੋਵੇ
ਬਹੁਤ ਦਿਨਾਂ ਤੋਂ ਮੈਨੂੰ ਉਸ ਪ੍ਰਵਾਸੀ ਮਜਦੂਰ ਨੇ ਪੈਸਿਆਂ ਕਰਕੇ ਹਾਕ ਵੀ ਨਹੀਂ ਮਾਰੀ
ਜਿਸ ਨਾਲ ਮੈਂ ਸਿਗਰਟ ਦੀ ਉਧਾਰ ਕਰ ਜਾਂਦਾ ਸੀ
ਬਹੁਤ ਦਿਨ ਹੋਏ ਮੈਂ
ਸ਼ਾਮ ਨੂੰ ਆਪਣੇ ਆਲ੍ਹਨਿਆਂ ਪਰਤਦੀਆਂ ਕੂੰਜਾਂ ਦਾ ਪੀਛਾ ਵੀ ਨਹੀਂ ਕੀਤਾ
ਦਿਮਾਗ ਹਰੇ ਰੰਗ ਦੀ ਕਾਈ ਨੇ ਕਬਜਾ ਲਿਆ ਹੈ
ਬਹੁਤ ਦਿਨਾਂ ਤੋ ਕੰਬਦੇ ਹੱਥਾਂ ਨਾਲ ਕਲਮ ਫੜਦਾ ਹਾਂ
ਤੇ ਹਰ ਵਾਰ ਉਸ ਵਿੱਚ ਰੋਸ਼ਨਾਈ ਖਤਮ ਹੁੰਦੀ ਹੈ
ਕਈ ਵਾਰ ਟੀਵੀ ਤੇ ਆਉਂਦੀ 'ਅਮੋਲ ਪਾਲੇਕਰ' ਦੀ ਫਿਲਮ ਵੀ
ਉਕਤਾ ਕੇ ਬੰਦ ਕਰ ਚੁੱਕਾ ਹਾਂ
ਸ਼ਾਇਦ ਕਿਸੇ ਸਲ੍ਹੀਬ ਦੀ ਲੋੜ ਹੈ ਮੈਨੂੰ
ਖੌਰੇ ਪੈਰਾਂ ਵਿਚ ਖੁਭੀਆਂ ਮੇਖਾਂ ਮੇਰੇ ਕਦਮਾਂ ਨੂ ਫੇਰ ਭਟਕਾ ਦੇਣ
ਖੌਰੇ ਮੇਰੇ ਗਿੱਟਿਆਂ'ਚੋਂ ਵਗਦਾ ਲਹੂ
ਮੇਰੀ ਚੁਣੀ ਹੋਈ ਰਾਹ ਤੇ ਨਕ਼ਸ਼ ਪਾ ਦੇਵੇ
ਖੌਰੇ ਮੇਖਾਂ ਕਾਰਣ ਹੱਥਾਂ'ਚੋਂ ਵਗਦਾ ਲਹੂ
ਮੇਰੇ ਕਲਮ ਨੂੰ ਫੇਰ ਰੋਸ਼ਨਾਈ ਬਖ਼ਸ਼ ਦੇਵੇ
ਮੇਰੇ ਸਿਰ ਤੇ ਬਨ੍ਹੀ ਕੰਡਿਆਲੀ ਤਾਰ
ਖੌਰੇ ਉਨ੍ਹਾਂ ਰੋਸ਼ਨਦਾਨਾਂ ਨੂੰ ਫਿਰ ਤੋਂ ਖੋਲ ਦੇਵੇ
ਜਿਨ੍ਹਾਂ'ਚੋਂ ਕਦੇ ਅਦਬੀ ਹਵਾਵਾਂ ਰੁਨ੍ਕਦੀਆਂ ਸਨ
ਖੌਰੇ ਪਿੰਡਾਂ ਤੋ ਸ਼ਹਿਰ ਵੱਲ ਨੂੰ ਪਰਤਦੇ ਜ਼ਮੀਨਦਾਰਾਂ ਨੂੰ
ਫਿਰ ਤੋਂ ਇਕ ਪਾਗਲ ਵੇਖਣ ਨੂੰ ਮਿਲ ਜਾਵੇ